Artwork: Jack Forbes
Jack Forbes

ਸ਼ਰੀਰਕ ਸੁਰੱਖਿਆ: ਜਨਤਕ ਹਿੰਸਾ

ਭੀੜ ਭਰੇ ਮੁਜ਼ਾਹਰਿਆਂ ਜਾਂ ਹਜੂਮ ਵੱਲੋਂ ਹਿੰਸਾ ਬਾਰੇ ਮੌਕੇ ਤੋਂ ਪੱਤਰਕਾਰੀ ਕਰਨਾ ਖ਼ਤਰਨਾਕ ਹੋ ਸਕਦਾ ਹੈ. ਹਰ ਸਾਲ ਕਈ ਪੱਤਰਕਾਰ ਇਹ ਕੰਮ ਕਰਦਿਆਂ ਜ਼ਖ਼ਮੀ ਹੋ ਜਾਂਦੇ ਹਨ.

ਜੋਖਮ ਨੂੰ ਘਟਾਉਣ ਲਈ:

ਤਿਆਰੀ ਪੂਰੀ ਰੱਖੋ:

 • ਆਪਣੇ ਕੰਮ ਨੂੰ ਯੋਜਨਾ ਮੁਤਾਬਕ ਕਰੋ ਅਤੇ ਖ਼ਾਸ ਖ਼ਿਆਲ ਰੱਖੋ ਕਿ ਮੋਬਾਈਲ ਫ਼ੋਨ ਵਿੱਚ ਬੈਟਰੀ ਪੂਰੀ ਹੋਵੇ. ਇਲਾਕੇ ਬਾਰੇ ਜਾਣਕਾਰੀ ਰੱਖੋ. ਇਹ ਵੀ ਪਹਿਲਾਂ ਸੋਚ ਕੇ ਜਾਓ ਕਿ ਅਚਾਨਕ ਕੋਈ ਦੁਰਘਟਨਾ ਹੋ ਗਈ ਜਾਂ ਜ਼ਰੂਰਤ ਪੈ ਗਈ ਤਾਂ ਕੀ ਕਰੋਗੇ, ਕਿਸ ਨਾਲ ਸੰਪਰਕ ਕਰੋਗੇ.
 • ਕੋਸ਼ਿਸ਼ ਕਰੋ ਕਿ ਤੁਹਾਡੇ ਨਾਲ ਕੋਈ ਸਾਥੀ ਪੱਤਰਕਾਰ ਵੀ ਹੋਵੇ ਅਤੇ ਤੁਹਾਡਾ ਆਪਣੇ ਦਫ਼ਤਰ ਜਾਂ ਕਿਸੇ ਇੱਕ ਕੇਂਦਰ ਬਿੰਦੂ ਨਾਲ ਸੰਪਰਕ ਬਣਿਆ ਰਹੇ. ਇਸ ਉਦੋਂ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਜਦੋਂ ਤੁਸੀਂ ਕਿਸੇ ਇਕੱਠ ਜਾਂ ਭੀੜ ਭਰੇ ਸਥਾਨ ‘ਤੇ ਜਾ ਰਹੇ ਹੋਵੋ.
 • ਕੱਪੜੇ-ਜੁੱਤੇ ਅਜਿਹੇ ਪਹਿਨਣ ਦੀ ਕੋਸ਼ਿਸ਼ ਕਰੋ ਜਿਨ੍ਹਾਂ ਵਿੱਚ ਤੇਜ਼ੀ ਨਾਲ ਹਿਲਜੁਲ ਕਰ ਸਕੋ, ਭੱਜ ਵੀ ਸਕੋ. ਗਲੇ ਵਿੱਚ ਹਾਰ, ਲੰਮੀ ਗੁੱਤ ਵਗੈਰਾ ਤੋਂ ਪਰਹੇਜ਼ ਕਰੋ ਤਾਂ ਜੋ ਤੁਹਾਨੂੰ ਕੋਈ ਸੌਖਾ ਫੜ ਨਾ ਸਕੇ. ਛੇਤੀ ਅੱਗ ਫੜਨ ਵਾਲਾ ਕੋਈ ਕੱਪੜਾ ਨਾ ਪਾਓ ਜਾਂ ਅਜਿਹੀ ਕੋਈ ਚੀਜ਼ ਆਪਣੇ ਨਾਲ ਨਾ ਲਿਜਾਓ, ਜਿਵੇਂ ਕਿ ਨਾਇਲਨ ਦੀਆਂ ਬਣੀਆਂ ਚੀਜ਼ਾਂ.
 • ਹਰ ਵੇਲੇ ਧਿਆਨ ਰੱਖੋ ਕਿ ਤੁਸੀਂ ਖੜ੍ਹੇ ਕਿੱਥੇ ਹੋ. ਸੁਰੱਖਿਆ ਦੇ ਲਿਹਾਜ਼ ਨਾਲ ਕਈ ਵਾਰ ਉੱਚੀ ਥਾਂ ਉੱਤੇ ਰਹਿਣਾ ਬਿਹਤਰ ਹੁੰਦਾ ਹੈ.
 • ਭਾਵੇਂ ਕਿਤੇ ਵੀ ਹੋਵੋ, ਇਹ ਜ਼ਰੂਰ ਸੋਚ ਕੇ ਰੱਖੋ ਕਿ ਨਿਕਲਣ ਦਾ ਰਾਹ ਕਿਹੜਾ ਹੈ. ਜੇ ਹੋਰਨਾਂ ਨਾਲ ਰਲ ਕੇ ਕੰਮ ਕਰ ਰਹੇ ਹੋ ਤਾਂ ਤੈਅ ਕਰ ਲਵੋ ਕਿ ਵਿੱਛੜ ਗਏ ਤਾਂ ਕਿੱਥੇ ਮਿਲੋਗੇ.
 • ਆਪਣੇ ਚੌਗਿਰਦੇ ਅਤੇ ਦੁਆਲੇ ਦਾ ਧਿਆਨ ਰੱਖੋ ਅਤੇ ਉਪਕਰਨਾਂ ਤੋਂ ਇਲਾਵਾ ਕੋਈ ਬਹੁਤੀ ਕੀਮਤੀ ਚੀਜ਼ ਆਪਣੇ ਕੋਲ ਨਾ ਰੱਖੋ. ਜੇ ਕਿਸੇ ਗੱਡੀ ਵਿੱਚ ਮੌਕੇ ਉੱਤੇ ਪਹੁੰਚੇ ਹੋ ਤਾਂ ਆਪਣੇ ਉਪਕਰਨ ਗੱਡੀ ਵਿੱਚ ਛੱਡ ਕੇ ਨਾ ਜਾਓ. ਸੂਰਜ ਦੇ ਢਲਣ ਤੋਂ ਬਾਅਦ ਅਪਰਾਧਿਕ ਗਤੀਵਿਧੀ ਦੀ ਸੰਭਾਵਨਾ ਵਧ ਜਾਂਦੀ ਹੈ. 
 • ਜੇ ਭੀੜ ਦੇ ਵਿਚਾਲੇ ਜਾ ਕੇ ਕੰਮ ਕਰ ਰਹੇ ਹੋ ਤਾਂ ਇੱਕ ਯੋਜਨਾ ਤਿਆਰ ਰੱਖੋ. ਖ਼ੁਦ ਨੂੰ ਭੀੜ ਦੇ ਲਾਗੇ ਰੱਖ ਸਕਦੇ ਹੋ ਪਰ ਭੀੜ ਦੇ ਬਿਲਕੁਲ ਕੇਂਦਰ ਵਿੱਚ ਨਾ ਜਾਓ. ਇਸ ਵੇਲੇ ਵੀ ਮਨ ਵਿੱਚ ਰੱਖੋ ਕਿ ਨਿਕਲਣ ਦਾ ਰਸਤਾ ਤੁਹਾਨੂੰ ਪਤਾ ਹੋਵੇ.

ਜਦੋਂ ਅਥਰੂ ਗੈਸ ਦੀ ਵਰਤੋਂ ਹੋ ਸਕਦੀ ਹੋਵੇ:

 • ਅਜਿਹੀ ਸਥਿਤੀ ਵਿੱਚ ਖ਼ੁਦ ਨੂੰ ਢਕਣ ਵਾਲੇ ਪੂਰੇ ਕੱਪੜੇ ਪਾਓ, ਗੈਸ ਮਾਸਕ ਲਗਾਓ, ਅੱਖਾਂ ਨੂੰ ਖ਼ਾਸ ਤੌਰ ‘ਤੇ ਬਚਾ ਕੇ ਰੱਖੋ, ਸ਼ਰੀਰ ਉੱਤੇ ਪੈਡਿੰਗ ਵਾਲੇ ਕੱਪੜੇ ਵੀ ਪਾ ਸਕਦੇ ਹੋ. ਹੈਲਮੇਟ ਬਹੁਤ ਜ਼ਰੂਰੀ ਹੈ.
 • ਅੱਖਾਂ ਵਿੱਚ ਕਾਂਟੈਕਟ ਲੈਂਸ ਲਗਾਉਣਾ ਅਜਿਹੇ ਮੌਕੇ ਖ਼ਤਰਨਾਕ ਸਾਬਤ ਹੋ ਸਕਦਾ ਹੈ.
 • ਜੇ ਤੁਹਾਨੂੰ ਦਮਾ ਜਾਂ ਸਾਹ ਨਾਲ ਜੁੜੀ ਕੋਈ ਹੋਰ ਸਮੱਸਿਆ ਹੈ ਤਾਂ ਬਿਹਤਰ ਹੈ ਕਿ ਅਜਿਹੀ ਥਾਂ ਉੱਤੇ ਨਾ ਜਾਓ ਜਿੱਥੇ ਅਥਰੂ ਗੈਸ ਦੀ ਵਰਤੋਂ ਦੀ ਸੰਭਾਵਨਾ ਹੋਵੇ. ਜਦੋਂ ਅਥਰੂ ਗੈਸ ਨੂੰ ਵੱਡੀ ਮਾਤਰਾ ਵਿੱਚ ਵਰਤਿਆ ਜਾਂਦਾ ਹੈ ਤਾਂ ਕਈ ਵਾਰ ਹਵਾ ਨਾ ਚੱਲਣ ਕਰਕੇ ਬਹੁਤ ਸਾਰੀ ਗੈਸ ਇੱਕ ਥਾਂ ਉੱਤੇ ਇਕੱਠੀ ਹੋ ਜਾਂਦੀ ਹੈ.
 • ਆਪਣਾ ਰਾਹ ਯਾਦ ਰੱਖਣ ਲਈ ਕੁਝ ਮੌਕਿਆਂ ਅਤੇ ਖ਼ਾਸ ਨਿਸ਼ਾਨਾਂ ਨੂੰ ਨੋਟ ਕਰੋ, ਜਿਵੇਂ ਕਿ ਉੱਚੇ ਖੰਭੇ, ਰੁੱਖ ਜਾਂ ਕੋਈ ਟਰੈਫਿਕ ਸਿਗਨਲ ਵਗੈਰਾ. ਇਨ੍ਹਾਂ ਦੇ ਸਹਾਰੇ ਤੁਸੀਂ ਅਜਿਹੀ ਥਾਂ ਵਿੱਚੋਂ ਵੀ ਨਿਕਲ ਸਕਦੇ ਹੋ ਜਿੱਥੇ ਸਾਫ਼ ਨਜ਼ਰ ਨਾ ਆ ਰਿਹਾ ਹੋਵੇ.
 • ਜੇ ਤੁਸੀਂ ਅਥਰੂ ਗੈਸ ਦੀ ਚਪੇਟ ਜਾਂ ਜ਼ਦ ਵਿੱਚ ਆ ਜਾਵੋ ਤਾਂ ਕਿਸੇ ਉੱਚੀ ਥਾਂ ਉੱਤੇ ਪਹੁੰਚਣ ਦੀ ਕੋਸ਼ਿਸ਼ ਕਰੋ ਤਾਂ ਜੋ ਤਾਜ਼ੀ ਹਵਾ ਮਿਲ ਸਕੇ. ਆਪਣੇ ਚਿਹਰੇ ਜਾਂ ਅੱਖਾਂ ਨੂੰ ਨਾ ਮਲੋ. ਇਸ ਤੋਂ ਬਾਅਦ ਜਦੋਂ ਇਸ਼ਨਾਨ ਕਰੋ ਤਾਂ ਸਾਬਣ ਵਰਤਣ ਦੀ ਬਜਾਇ ਸਿਰਫ ਠੰਢੇ ਪਾਣੀ ਨਾਲ ਗੈਸ ਨੂੰ ਸ਼ਰੀਰ ਉੱਤੋਂ ਲਾਹੋ. ਕੱਪੜਿਆਂ ਉੱਤੇ ਗੈਸ ਦੇ ਮਹੀਨ ਕਣ ਘਰ ਕਰ ਲੈਂਦੇ ਹਨ. ਇਹ ਹੋ ਸਕਦਾ ਹੈ ਕਈ ਵਾਰ ਧੋਵਣ ਤੋਂ ਬਾਅਦ ਵੀ ਇਹ ਕਣ ਨਾ ਹਟਣ ਅਤੇ ਤੁਹਾਨੂੰ ਇਹ ਕੱਪੜੇ ਸੁੱਟਣੇ ਹੀ ਪੈਣ.

ਹਮਲਾਵਰ ਜਾਂ ਹਿੰਸਕ ਸਥਿਤੀ ਵਿੱਚ:

 • ਬਾਡੀ ਲੈਂਗਵੇਜ ਭਾਵ ਸ਼ਰੀਰਕ ਭਾਸ਼ਾ ਜਾਂ ਇਸ਼ਾਰਿਆਂ/ਚਿੰਨ੍ਹਾਂ ਨੂੰ ਪੜ੍ਹੋ ਅਤੇ ਖ਼ੁਦ ਵੀ ਇਨ੍ਹਾਂ ਨੂੰ ਵਰਤ ਕੇ ਸਥਿਤੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰੋ.
 • ਜੇ ਕੋਈ ਹਿੰਸਕ ਹੋ ਰਿਹਾ ਹੋਵੇ ਤਾਂ ਪਹਿਲਾਂ ਕੋਸ਼ਿਸ਼ ਕਰੋ ਕਿ ਤੁਸੀਂ ਸ਼ਾਂਤ ਰਹੋ, ਸਹਿਜ ਰੂਪ ਵਿੱਚ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਕਰੋ ਤਾਂ ਜੋ ਵਿਸ਼ਵਾਸ ਕਾਇਮ ਹੋਵੇ. ਆਪਣੇ ਹੱਥ ਸਾਹਮਣੇ ਰੱਖੋ ਜਿੱਥੇ ਸਾਹਮਣੇ ਵਾਲਾ ਇਨ੍ਹਾਂ ਨੂੰ ਦੇਖ ਸਕੇ ਅਤੇ ਆਪਣਾ ਬੋਲਣ ਦਾ ਲਹਿਜਾ ਸ਼ਾਲੀਨ ਰੱਖੋ.
 • ਫਿਰ ਵੀ ਘੱਟੋਘੱਟ ਇੱਕ ਬਾਂਹ ਜਿੰਨੀ ਦੂਰੀ ਬਣਾ ਕੇ ਰੱਖੋ. ਸਥਿਤੀ ਵਿਗੜੇ ਤਾਂ ਪਿਛਾਂਹ ਹਟੋ. ਜੇ ਕੋਈ ਫੜੇ ਤਾਂ ਬਾਂਹ ਛੁਡਾਓ ਪਰ ਬਦਲੇ ਵਿੱਚ ਹਮਲਾ ਨਾ ਕਰੋ. ਜੇ ਘੇਰੇ ਵਿੱਚ ਆ ਗਏ ਹੋ ਤਾਂ ਚੀਕ ਕੇ ਹੋਰਨਾਂ ਨੂੰ ਦੱਸਣ ਦੀ ਕੋਸ਼ਿਸ਼ ਜ਼ਰੂਰ ਕਰੋ.
 • ਜੇ ਸਥਿਤੀ ਹੋਰ ਵੀ ਵਿਗੜ ਜਾਵੇ ਤਾਂ ਇੱਕ ਹੱਥ ਵਿਹਲਾ ਰੱਖੋ ਤਾਂ ਜੋ ਆਪਣੇ ਸਿਰ ਨੂੰ ਬਚਾ ਸਕੋ. ਜ਼ਿਆਦਾ ਲੰਮੇ ਕਦਮ ਨਾ ਪੁੱਟੋ, ਸਗੋਂ ਨਿੱਕੇ ਕਦਮਾਂ ਨਾਲ ਪੱਕੇ ਪੈਰੀਂ ਟੁਰੋ ਅਤੇ ਡਿੱਗਣ ਤੋਂ ਬਚੋ. ਜੇ ਤੁਸੀਂ ਟੀਮ ਦਾ ਹਿੱਸਾ ਹੋ ਤਾਂ ਸਾਰੇ ਜਣੇ ਇੱਕ ਦੂਜੇ ਦੀ ਬਾਂਹ ਫੜ ਕੇ ਜ਼ੰਜੀਰ ਬਣਾ ਕੇ ਰੱਖੋ.
 • ਆਪਣੇ ਚੌਗਿਰਦੇ ਬਾਰੇ ਸਤਰਕ ਰਹੋ ਅਤੇ ਸੁਰੱਖਿਆ ਪੱਖੋਂ ਧਿਆਨ ਹਰ ਵੇਲੇ ਰੱਖੋ. ਅਜਿਹੀ ਸਥਿਤੀ ਦਾ ਦਸਤਾਵੇਜ਼ੀਕਰਨ ਕਰਨਾ ਤੁਹਾਡਾ ਕੰਮ ਜਾਂ ਫ਼ਰਜ਼ ਹੋ ਸਕਦਾ ਹੈ ਪਰ ਕਈ ਵਾਰ ਸਥਿਤੀ ਵਿਗੜ ਸਕਦੀ ਹੈ. ਹਿੰਸਕ ਹੋ ਰਹੇ ਲੋਕਾਂ ਦੀਆਂ ਤਸਵੀਰਾਂ ਲੈਣ ਨਾਲ ਉਨ੍ਹਾਂ ਦਾ ਵਰਤਾਰਾ ਹੋਰ ਹਿੰਸਕ ਵੀ ਹੋ ਸਕਦਾ ਹੈ.

ਕੰਮ ਲਈ ਨਿਕਲਣ ਤੋਂ ਪਹਿਲਾਂ ਕਿਹੜੇ ਅਹਿਤਿਆਤ ਜ਼ਰੂਰੀ ਹਨ ਅਤੇ ਜੇ ਮੌਕੇ ਉੱਤੇ ਕੁਝ ਹੋ ਜਾਵੇ ਤਾਂ ਕੀ ਕਰਨਾ ਚਾਹੀਦਾ ਹੈ, ਇਸ ਬਾਰੇ ਸੀ.ਪੀ.ਜੇ. ਦੇ ਰਿਸੋਰਸ ਸੈਂਟਰ ਵਿੱਚ ਹੋਰ ਜਾਣਕਾਰੀ ਹੈ.